ਦੂਰ ਜਦ ਪੇਕੇ ਹੁੰਦੇ ਲੋਕੋ,
ਦਿਲ ਹੋਰ ਉਨ੍ਹਾਂ ਵੱਲ ਭੱਜਦਾ,
ਕਿੰਨਾ ਵੀ ਚਾਹੇ ਮਿਲ ਆਈਏ ,
ਪਰ ਚਿੱਤ ਕਦੀ ਨਾ ਰੱਜਦਾ ||
ਕੁਝ ਵੀ ਕਹਿ ਲੈਣ ਸਹੁਰੇ ਘਰ ਦੇ ,
ਦਰਦ ਵੰਡਾ ਨਾ ਸਕਦੇ ,
ਵੱਡੀਆਂ ਵੱਡੀਆਂ ਗੱਲਾਂ ਕਰਦੇ ,
ਪਰ ਪੇਕੇ ਨਾ ਬਣ ਸਕਦੇ ||
ਕੱਲ ਉਨ੍ਹਾਂ ਨੇ ਕਹਿ ਦਿੱਤਾ ,
ਕਿ ਰੋਜ਼ ਪੇਕੇ ਦਾ ਨਾਂ ਲੈਂਦੀ ,
ਜਾ ਜਾਕੇ ਰਹਿ ਲੈ ਕੁਝ ਦਿਨ ,
ਪਰ ਹਾਂ ਕਿੱਦਾਂ ਮੈਂ ਕਹਿੰਦੀ ||
ਕਹਿਣਾ ਪੈਂਦਾ ਖੁਸ਼ ਹਾਂ ਇਥੇ,
ਨਹੀਂ ਜਾਣਾ ਮੈਂ ਪੇਕੇ ,
ਪਰ ਦਿਲ ਮੇਰੇ ਦੇ ਅੰਦਰ ਵੜ ਕੇ,
ਕੋਈ ਤਾਂ ਆਕੇ ਦੇਖੇ ||
ਮਾਂ ਮੇਰੀ ਦਾ ਫੋਨ ਜਦ ਆਉਂਦਾ,
ਰੋਣ ਨੂੰ ਸਦਾ ਦਿਲ ਕਰਦਾ ,
ਪਰ ਉਹ ਝੱਲੀ ਕੁਝ ਹੋਰ ਨਾ ਸਮਝੇ ,
ਏਸੇ ਤੋਂ ਦਿਲ ਡਰਦਾ ||
ਨਾ ਕੁਝ ਆਖਾਂ ਏਧਰ ਤੇ ਮੈਂ ਨਾ ਕੁਝ ਆਖਾਂ ਓਧਰ,
ਦਿਲ ਮੇਰਾ ਬਸ ਪੇਕੇ ਭੱਜੇ ,
ਸਹੁਰੇ ਜਾਂਦਾ ਔਦਰ ||
ਜਦ ਪਾਪਾ ਕਹਿੰਦੇ ਦਿਲ ਨਹੀਂ ਲੱਗਦਾ ,
ਅੱਥਰੂ ਉਨ੍ਹਾਂ ਦੇ ਆਂਦੇ ,
ਹੋਰ ਨਾ ਰੋਕ ਪਾਵਾਂ ਖੁਦ ਨੂੰ ,
ਮੈਥੋਂ ਪੈਰ ਰੋਕੇ ਨਾਂ ਜਾਂਦੇ ||
ਖਾਣਾ ਪੀਣਾ ਰਹਿਣਾ ਸਹਿਣਾ ,
ਸਭ ਕੁਝ ਵੱਖ ਹੋ ਜਾਂਦਾ ,
ਧੀਆਂ ਦੀ ਡੋਲੀ ਜਦ ਤੁਰਦੀ,
ਪੇਕਾ ਬਸ ਦੂਰ ਹੋ ਜਾਂਦਾ ||
ਲੋਕੋ , ਪੇਕਾ ਬਸ ਦੂਰ ਹੋ ਜਾਂਦਾ ||